Update: March 2025, Time 12:50 PM.
ਅਮਰੀਕਾ ਸਥਿਤ ਇੱਕ ਹਸਪਤਾਲ ਚ ਭਾਰਤੀ ਮੂਲ ਦੀ ਨਰਸ ਨਾਲ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ,
ਫਲੋਰੀਡਾ : ਅਮਰੀਕਾ ਦੇ ਇਕ ਹਸਪਤਾਲ ਵਿਚ ਭਾਰਤੀ ਮੂਲ ਦੀ ਨਰਸ ਨੂੰ ਨਸਲੀ ਹਮਲੇ ਦਾ ਸ਼ਿਕਾਰ ਹੋਣਾ ਪਿਆ ਹੈ ਜਾਣਕਾਰੀ ਅਨੁਸਾਰ ਉਸਨੂੰ ਕੁੱਟ ਕੁੱਟ ਕੇ ਅਧਮੋਈ ਕਰ ਦਿਤਾ ਗਿਆ। ਫਲੋਰੀਡਾ ਦੇ ਪਾਮਜ਼ ਵੈਸਟ ਹਸਪਤਾਲ ਵਿਚ ਮਾਨਸਿਕ ਰੋਗੀਆਂ ਦੇ ਵਾਰਡ ਵਿਚ ਭਰਤੀ ਇੱਕ ਗੋਰੇ ਨੇ 66 ਸਾਲ ਦੀ ਲੀਲਾਮਾਂ ਦੇ ਚਿਹਰੇ ਤੇ ਐਨੇ ਘਸੁੰਨ ਮਾਰੇ ਕਿ ਉਸਦੀ ਹੱਡੀ ਟੁੱਟ ਗਈ ਅਤੇ ਦੋਹਾਂ ਅੱਖਾਂ ਦੀ ਰੌਸ਼ਨੀ ਜਾਣ ਦਾ ਖਦਸ਼ਾ ਵੀ ਜ਼ਾਹਰ ਕੀਤਾ ਜਾ ਰਿਹਾ ਹੈ।

ਪੁਲਿਸ ਅਫਸਰ ਸ਼ੱਕੀ ਨੂੰ ਗ੍ਰਿਫ਼ਤਾਰ ਕਰਨ ਪੁੱਜੇ ਤਾਂ ਉਸ ਨੇ ਕਿਹਾ ਕਿ ਭਾਰਤੀ ਬਹੁਤ ਮਾੜੇ ਹੁੰਦੇ ਹਨ ਅਤੇ ਉਸ ਨੇ ਹੁਣੇ ਇਕ ਭਾਰਤੀ ਡਾਕਟਰ ਨੂੰ ਕੁਟਾਪਾ ਚਾੜ੍ਹਿਆ।
ਇਹ ਵਾਰਦਾਤ 19 ਫਰਵਰੀ ਦੀ ਹੈ ਅਤੇ 27 ਫਰਵਰੀ ਨੂੰ ਅਦਾਲਤ ਵਿਚ ਸੁਣਵਾਈ ਹੋਈ ਅਤੇ ਪੁਲਿਸ ਵੱਲੋਂ ਸ਼ੱਕੀ ਦਾ ਬਿਆਨ ਪੜ੍ਹ ਕੇ ਸੁਣਾਇਆ ਗਿਆ।
ਫਲੋਰੀਡਾ ਦੇ ਹਸਪਤਾਲ ਵਿਚ ਵਾਪਰੀ ਵਾਰਦਾਤ ਚ ਸ਼ੱਕੀ ਦੀ ਪਛਾਣ 33 ਸਾਲ ਸਟੀਫ਼ਨ ਸਕੈਂਟਲਬਰੀ ਵਜੋਂ ਕੀਤੀ ਗਈ ਹੈ ਜਿਸ ਵਿਰੁੱਧ ਅਦਾਲਤ ਨੇ ਨਸਲੀ ਨਫ਼ਰਤ ਅਤੇ ਇਰਾਦਾ ਕਤਲ ਦੋਸ਼ ਆਇਦ ਕਰ ਦਿੱਤੇ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਮੂਲ ਦੀ ਨਰਸ ਜਦੋਂ ਚੈਕਅੱਪ ਵਾਸਤੇ ਸਕੈਂਟਲਬਰੀ ਕੋਲ ਪੁੱਜੀ ਤਾਂ ਉਸ ਨੇ ਅਚਨਚੇਤ ਹਮਲਾ ਕਰ ਦਿਤਾ ਅਤੇ ਚਿਹਰੇ ਦਾ ਕੋਈ ਹਿੱਸਾ ਨਾ ਛੱਡਿਆ ਜਿਥੇ ਵਾਰ ਨਾ ਕੀਤਾ ਹੋਵੇ।

ਕਮਰੇ ਵਿਚ ਮੌਜੂਦ ਇਕ ਹੋਰ ਸਹਾਇਕ ਮਦਦ ਵਾਸਤੇ ਬਾਹਰ ਵੱਲ ਦੌੜਿਆ। ਇਸੇ ਦੌਰਾਨ ਜਦੋਂ ਉਹ ਮੁੜ ਕਮਰੇ ਅੰਦਰ ਦਾਖਲ ਹੋਇਆ ਤਾਂ ਸਟੀਫ਼ਨ ਨੇ ਭਾਰਤੀ ਮੂਲ ਦੀ ਨਰਸ ਨੂੰ ਸ਼ਿਕੰਜੇ ਵਿਚ ਲਿਆ ਹੋਇਆ ਸੀ। ਹਮਲੇ ਮਗਰੋਂ ਸਟੀਫ਼ਨ ਹਸਪਤਾਲ ਵਿੱਚੋਂ ਫਰਾਰ ਹੋ ਗਿਆ ਅਤੇ ਪੁਲਿਸ ਨੇ ਜਦੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਤਾਂ ਬਗੈਰ ਕਮੀਜ਼ ਅਤੇ ਬਗੈਰ ਜੁੱਤਿਆਂ ਤੋਂ ਦੌੜ ਰਿਹਾ ਸੀ। ਉਸ ਦੇ ਸਰੀਰ ’ਤੇ ਈ.ਕੇ.ਜੀ. ਮਸ਼ੀਨ ਦੀਆਂ ਤਾਰਾਂ ਚਿਪਕੀਆਂ ਹੋਈਆਂ ਸਨ ਅਤੇ ਪੁਲਿਸ ਨੇ ਪਸਤੌਲ ਦਿਖਾ ਕੇ ਉਸ ਨੂੰ ਆਤਮ ਸਮਰਪਣ ਕਰਨ ਵਾਸਤੇ ਮਜਬੂਰ ਕੀਤਾ।
ਉੱਪਰ ਲੀਲਾਮਾਂ ਲਾਲ ਦੀ ਬੇਟੀ ਨੇ ਸਿੰਡੀ ਜੌਸਫ਼ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਦੇ ਦਿਮਾਗ ਦੇ ਅੰਦਰੂਨੀ ਹਿੱਸਿਆਂ ਵਿਚ ਖੂਨ ਰਿਸਿਆ ਅਤੇ ਚਿਹਰੇ ’ਤੇ ਕਈ ਫਰੈਕਚਰ ਹੋਏ। ਸਾਹ ਦਿਵਾਉਣ ਲਈ ਉਨ੍ਹਾਂ ਦੇ ਫੇਫੜਿਆਂ ਵਿੱਚ ਟਿਊਬ ਪਾਉਣੀ ਪਈ।
ਇਸ ਘਟਨਾ ਤੋਂ ਬਾਅਦ ਲੋਕਾਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਘਟਨਾਕ੍ਰਮ ਤੋਂ ਬਾਅਦ ਹਸਪਤਾਲਾਂ ਚ ਡਾਕਟਰਾਂ ਅਤੇ ਸਟਾਫ ਮੈਂਬਰਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ।