ਇਨਾਮ ਵੰਡ ਸਮਾਰੋਹ ਦੌਰਾਨ ਚਲੀਆਂ ਗੋਲੀਆਂ ਖਿਡਾਰੀ ਦੀ ਮੌਤ,

Photo of author

By Gurmail

ਬੀਤੇ ਦਿਨ ਕੱਲ੍ਹ ਸ਼ਾਮ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਖੱਬੇ ਰਾਜਪੂਤਾਂ ਵਿੱਚ ਫੁੱਟਬਾਲ ਟੂਰਨਾਮੈਂਟ ਦੌਰਾਨ ਅਚਾਨਕ ਕੀਤੀ ਗਈ ਫਾਇਰਿੰਗ ਦੌਰਾਨ ਇੱਕ ਨਬਾਲਗ ਬੱਚੇ ਦੀ ਮੌਤ ਹੋ ਜਾਣ ਕਾਰਨ ਇਲਾਕੇ ਦੇ ਵਿੱਚ ਬੇਹੱਦ ਸੋਗਮਈ ਮਾਹੌਲ ਬਣਿਆ ਹੋਇਆ ਹੈ।

ਬੀਤੇ ਦਿਨ ਕੱਲ੍ਹ ਸ਼ਾਮ ਵਾਪਰੀ ਉਕਤ ਘਟਨਾ ਤੋਂ ਬਾਅਦ ਮ੍ਰਿਤਕ ਗੁਰਸੇਵਕ ਸਿੰਘ ਦੇ ਪਰਿਵਾਰਿਕ ਮੈਂਬਰਾਂ, ਪਿੰਡ ਖੱਬੇ ਰਾਜਪੂਤਾਂ ਦੇ ਸਰਪੰਚ ਸੁਰਜੀਤ ਸਿੰਘ ਅਤੇ ਜ਼ਖਮੀ ਹੋਏ ਜਵਾਨ ਗੁਰਪ੍ਰੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਕੱਲ ਟੂਰਨਾਮੈਂਟ ਦੇ ਵਿੱਚ ਜਿੱਥੇ ਸਮਾਪਤੀ ਤੋਂ ਬਾਅਦ ਲੋਕ ਇਸ ਟੂਰਨਾਮੈਂਟ ਦੀ ਸਫਲਤਾ ਦਾ ਆਨੰਦ ਮਾਣ ਰਹੇ ਸਨ ਅਤੇ ਉੱਥੋਂ ਫੋਟੋ ਆਦੀ ਖਿਚਵਾ ਰਹੇ ਸਨ।

ਘਟਨਾ ਦੌਰਾਨ ਜ਼ਖਮੀ ਹੋਏ ਗੁਰਪ੍ਰੀਤ ਸਿੰਘ ਦੇ ਪਿਤਾ

ਪਰ ਇਸ ਦੌਰਾਨ ਹੀ ਟੂਰਨਾਮੈਂਟ ਵਿੱਚ ਇੱਕ ਤਰਫ਼ ਤੋਂ ਗੋਲੀਆਂ ਚੱਲਣ ਦੀ ਤਾੜ- ਤਾੜ ਆਵਾਜ਼ ਆਉਣੀ ਸ਼ੁਰੂ ਹੋ ਗਈ। ਜਿਸ ਕਾਰਨ ਅਚਾਨਕ ਮੈਦਾਨ ਦੇ ਵਿੱਚ ਹਫੜਾ ਤਫੜੀ ਮੱਚ ਗਈ। ਉਹਨਾਂ ਦੱਸਿਆ ਕਿ ਘਟਨਾਕ੍ਰਮ ਦੇ ਨਾਲ ਹੀ ਉਹਨਾਂ ਵੱਲੋਂ ਭੱਜ ਕੇ ਜਦ ਮੌਕਾ ਦੇਖਿਆ ਗਿਆ ਤਾਂ ਉੱਥੇ ਦੋਨੋਂ ਨੌਜਵਾਨ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਨਜ਼ਰ ਆ ਰਹੇ ਸਨ।

ਉਕਤ ਘਟਨਾ ਤੋਂ ਬਾਅਦ ਨਜ਼ਦੀਕੀ ਪਿੰਡ ਨੰਗਲੀ ਦੇ ਨੌਜਵਾਨ ਗੁਰਸੇਵਕ ਸਿੰਘ ਉਮਰ ਕਰੀਬ 14 ਸਾਲ ਦੀ ਮੌਤ ਹੋ ਗਈ ਹੈ, ਜਦਕਿ ਪਿੰਡ ਖੱਬੇ ਰਾਜਪੂਤਾਂ ਦਾ ਫੌਜੀ ਗੁਰਪ੍ਰੀਤ ਸਿੰਘ ਜੋ ਕਿ ਛੁੱਟੀ ਆਇਆ ਸੀ, ਉਹ ਫਿਲਹਾਲ ਜ਼ਖਮੀ ਹਾਲਤ ਵਿੱਚ ਜੇਰੇ ਇਲਾਜ ਹੈ।

ਮ੍ਰਿਤਕ ਬੱਚੇ ਗੁਰਸੇਵਕ ਸਿੰਘ ਦੀ ਫਾਈਲ ਫੋਟੋ,

ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇਕਰ ਅਜਿਹੇ ਗੁੰਡਾ ਅਨਸਰਾਂ ਦੀ ਗੁੰਡਾਗਰਦੀ ਨੂੰ ਪੁਲਿਸ ਨੱਥ ਨਹੀਂ ਪਾ ਸਕਦੀ ਤਾਂ ਘੱਟੋ-ਘੱਟ ਸਾਨੂੰ ਦੱਸ ਦੇਵੇ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਹੁਣ ਖੇਡ ਮੈਦਾਨ ਦੇ ਵਿੱਚ ਭੇਜਣਾ ਹੈ ਜਾਂ ਨਹੀਂ ਇਹ ਸੋਚ ਸਕੀਏ।

ਉਧਰ ਮ੍ਰਿਤਕ ਗੁਰਸੇਵਕ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਇਸ ਘਟਨਾਕ੍ਰਮ ਤੋਂ ਬਾਅਦ ਜਿੱਥੇ ਪੁਲਿਸ ਦੀ ਕਾਰਵਾਈ ਉੱਤੇ ਵੱਡੇ ਸਵਾਲ ਖੜੇ ਕੀਤੇ ਹਨ। ਉੱਥੇ ਹੀ ਉਹਨਾਂ ਦੱਸਿਆ ਕਿ ਗੁਰਸੇਵਕ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਮਜ਼ਦੂਰੀ ਕਰਦੇ ਹਨ।ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ, ਕਿ ਇਸ ਘਟਨਾਕ੍ਰਮ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।

Leave a Comment