Time 11:26 AM, Friday 28-2-2025
ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸਾਬਕਾ ਸਰਕਾਰਾਂ ਦੇ ਦਾਅਵੇ ਹੋਏ ਹਵਾ।
ਦੇਸ਼ ਦੀ ਰਾਜਧਾਨੀ ਦਿੱਲੀ ਚ ਹਵਾ ਦੇ ਹੱਦ ਤੋਂ ਵੱਧ ਪ੍ਰਦੂਸ਼ਿਤ ਹੋਣ ਦੀਆਂ ਖਬਰਾਂ ਤਾਂ ਸਭ ਨੇ ਸੁਣੀਆਂ ਹੋਣਗੀਆਂ, ਨਾਲ ਹੀ ਸੁਣਿਆ ਹੋਵੇਗਾ, ਸਾਬਕਾ ਮੁੱਖ ਮੰਤਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਲਗਭਗ ਹਰੇਕ ਸਾਲ ਇੱਕੋ ਬਿਆਨ, ਜੀ ਸਾਡੇ ਇੱਥੇ ਦੀ ਹਵਾ ਚ ਸਾਹ ਲੈਣਾ ਮੁਸ਼ਕਿਲ ਹੈ। ਲੋਕ ਪ੍ਰੇਸ਼ਾਨ ਹਨ, ਉਹਨ੍ਹਾਂ ਦੀ ਪ੍ਰੇਸ਼ਾਨੀ ਦਾ ਕਾਰਨ ਹਨ, ਪੰਜਾਬ/ਹਰਿਆਣਾ ਦੇ ਕਿਸਾਨ ਜਿਹੜੇ ਝੋਨੇ ਅਤੇ ਕਣਕ ਦੇ ਨਾੜ ਨੂੰ ਅੱਗ ਲਾ ਕੇ ਦਿੱਲੀ ਦੀ ਹਵਾ ਪ੍ਰਦੂਸ਼ਿਤ ਕਰਦੇ ਹਨ।

ਹੁਣ ਕੇਂਦਰੀ ਮੰਤਰੀ ਪੀਯੂਸ਼ ਗੋਇਲ ਦਾ ਇੱਕ ਬਿਆਨ ਸਾਹਮਣੇ ਆਇਆ ਹੈ। ਜਿਸਨੂੰ ਪੰਜਾਬ/ਹਰਿਆਣਾ ਦੇ ਕਿਸਾਨ ਅਤੇ ਜਥੇਬੰਦੀਆਂ ਹਰੇਕ ਸਾਲ ਪ੍ਰਸ਼ਾਸਨ ਅੱਗੇ ਰੱਖਦੇ ਹਨ ਕਿ ਝੋਨੇ ਦੀ ਫਸਲ ਦੀ ਕਟਾਈ ਸਮੇਂ ਪੰਜਾਬ/ਹਰਿਆਣਾ (ਖਾਸ ਕਰਕੇ ਪੰਜਾਬ) ਦੀਆਂ ਫਸਲਾਂ ਦੇ ਨਾੜ ਨੂੰ ਅੱਗ ਲਾਉਣ ਤੋਂ ਬਾਅਦ ਧੁਆਂ 400-500 ਕਿਲੋਮੀਟਰ ਦੂਰ ਦਿੱਲੀ ਕਿਵੇਂ ਚਲਾ ਜਾਂਦਾ ਹੈ?

ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਮੈਂ ਹੈਰਾਨ ਹੁੰਦਾ ਹਾਂ, ਜਦੋਂ ਮੀਡੀਆ ਅਤੇ ਸਰਕਾਰ ਦੁਆਰਾ ਦਿੱਲੀ ਦੀ ਹਵਾ ਦੀ ਕੁਆਲਿਟੀ ਦੇ ਮਿਆਰ ਵਿੱਚ ਆਈ ਗਿਰਾਵਟ ਲਈ 400-500 ਕਿਲੋਮੀਟਰ ਦੂਰ ਪੰਜਾਬ ਦੇ ਪਿੰਡਾਂ ਦੇ ਉਹਨ੍ਹਾਂ ਕਿਸਾਨਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ, ਜਿਹੜੇ ਫਸਲ ਦੇ ਨਾੜ ਨੂੰ ਅੱਗ ਲਾਉਂਦੇ ਹਨ। ਉਹਨ੍ਹਾਂ ਕਿਹਾ ਸਾਨੂੰ ਦੋਸ਼ ਲਾਉਣ ਤੋਂ ਪਹਿਲਾਂ ਦਿਮਾਗ ਦੀ ਵਰਤੋਂ ਕਰ ਲੈਣੀ ਚਾਹੀਦੀ ਹੈ।

ਮੈਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਹਿਣਾ ਚਾਹਾਂਗਾ, ਕੇਂਦਰੀ ਮੰਤਰੀ ਦੇ ਇਸ ਬਿਆਨ ਨੂੰ ਆਧਾਰ ਬਣਾ ਕੇ ਹੁਣ ਇਹ ਨਾਂ ਸੋਚਿਆ ਜਾਵੇ ਕਿ ਫਸਲਾਂ ਦੇ ਨਾੜ ਨੂੰ ਅੱਗ ਲਾ ਕੇ ਧੁਆਂ ਦਿੱਲੀ ਨਹੀਂ ਜਾਦਾ ਤਾਂ ਸਾਨੂੰ ਅੱਗ ਲਾਉਣ ਦਾ ਸਰਟੀਫਿਕੇਟ ਜਾਰੀ ਹੋ ਗਿਆ।

ਜਦੋਂ ਝੋਨੇ ਦੇ ਨਾੜ ਨੂੰ ਅੱਗ ਲਾਈ ਜਾਂਦੀ ਹੈ ਤਾਂ ਉਸਦਾ ਧੁਆਂ ਜੇਕਰ ਦਿੱਲੀ ਨਹੀਂ ਵੀ ਜਾਂਦਾ ਤਾਂ ਸਾਡੇ ਪਿੰਡ ਅਤੇ ਸ਼ਹਿਰ ਦੇ ਵਸਨੀਕਾਂ ਲਈ ਤਾਂ ਬੀਮਾਰੀਆਂ ਦਾ ਖਤਰਾ ਪੈਦਾ ਕਰਦਾ ਹੀ ਹੈ।

ਜਿਸ ਵਿੱਚ ਕਿਸਾਨ ਅਤੇ ਉਹਨ੍ਹਾਂ ਦੇ ਰਿਸ਼ਤੇਦਾਰ ਵੀ ਸ਼ਾਮਲ ਹੁੰਦੇ ਹਨ। ਇਸ ਲਈ ਰਾਜ ਸਰਕਾਰ ਨਾਲ ਮਿਲ ਕੇ ਫਸਲਾਂ ਦੇ ਨਾੜ ਨੂੰ ਅੱਗ ਲਾਉਣ ਦੀ ਥਾਂ ਕੋਈ ਬਦਲ ਲੱਭਿਆ ਜਾਵੇ।