Update March 15 2025, Time: 06:30 PM.
ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਉਚੇਰੀ ਸਿੱਖਿਆ ਵਿਭਾਗ ਨੇ ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ ਵਿੱਚ ਭਾਰਤੀ ਗੀਤਾਂ ‘ਤੇ ਨੱਚਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤਹਿਤ ਕਾਲਜਾਂ ਵਿੱਚ ਵਿਦਾਇਗੀ, ਖੇਡ ਮੁਕਾਬਲਿਆਂ ਅਤੇ ਹੋਰ ਪ੍ਰੋਗਰਾਮਾਂ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਭਾਰਤੀ (ਬਾਲੀਵੁੱਡ) ਗੀਤਾਂ ’ਤੇ ਨੱਚਣ ਨੂੰ ‘ਅਨੈਤਿਕ’ ਅਤੇ ‘ਅਸ਼ਲੀਲ’ ਗਤੀਵਿਧੀ ਕਰਾਰ ਦਿੱਤਾ ਗਿਆ ਹੈ।
ਪੰਜਾਬ ਸਰਕਾਰ ਦੇ ਡਾਇਰੈਕਟੋਰੇਟ ਆਫ਼ ਪਬਲਿਕ ਇੰਸਟ੍ਰਕਸ਼ਨਜ਼ (ਕਾਲਜਾਂ) ਵੱਲੋਂ ਜਾਰੀ ਸਰਕਾਰੀ ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਕਾਲਜ ਸਿੱਖਿਆ ਸੰਸਥਾਵਾਂ ਇੱਕ ਪਵਿੱਤਰ ਸਥਾਨ ਹਨ ਅਤੇ ਉੱਥੇ ਅਜਿਹੀਆਂ ਗਤੀਵਿਧੀਆਂ ਨਹੀਂ ਹੋਣੀਆਂ ਚਾਹੀਦੀਆਂ।
ਹੁਕਮ ਜਾਰੀ ਕਰਦੇ ਸਮੇਂ ਕਿਹਾ ਗਿਆ ਹੈ ਜੇਕਰ ਹੁਕਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਕਾਲਜ ਦੇ ਪ੍ਰਿੰਸੀਪਲ, ਡਿਪਟੀ ਡਾਇਰੈਕਟਰ ਅਤੇ ਹੋਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਕਿਹਾ- ਇਸ ਤਰ੍ਹਾਂ ਦੀਆਂ ਅਨੈਤਿਕ ਗਤੀਵਿਧੀਆਂ ਨੂੰ ਵਧਾਵਾ ਨਾਂ ਦਿਓ, ਪਾਕਿਸਤਾਨੀ ਸਰਕਾਰ ਦਾ ਕਹਿਣਾ ਹੈ ਕਿ ਭਾਰਤੀ ਗੀਤਾਂ ‘ਤੇ ਨੱਚਣ ਨਾਲ ਕਾਲਜਾਂ ਵਿੱਚ “ਅਨੈਤਿਕ ਗਤੀਵਿਧੀਆਂ” ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਲਈ ਪ੍ਰਸ਼ਾਸਨ ਨੂੰ ਇਨ੍ਹਾਂ ਸਮਾਗਮਾਂ ’ਤੇ ਸਖ਼ਤੀ ਨਾਲ ਪਾਬੰਦੀ ਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਵਰਣਨਯੋਗ ਹੈ ਕਿ ਪਾਕਿਸਤਾਨ ਵਿਚ ਭਾਰਤੀ ਫਿਲਮਾਂ ਅਤੇ ਸੰਗੀਤ ਬਹੁਤ ਮਸ਼ਹੂਰ ਹਨ। ਬਾਲੀਵੁੱਡ ਗੀਤਾਂ ‘ਤੇ ਅਕਸਰ ਨੌਜਵਾਨ ਨੱਚਦੇ ਹਨ ਪਰ ਸਰਕਾਰ ਦੀ ਇਸ ਕਾਰਵਾਈ ਤੋਂ ਬਾਅਦ ਹੁਣ ਵਿਦਿਅਕ ਅਦਾਰਿਆਂ ‘ਚ ਇਸ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਹਾਲ ਹੀ ‘ਚ ਇੱਕ ਪ੍ਰੋਗਰਾਮ ‘ਤੇ ਪਿਛਲੇ ਮਹੀਨੇ ਪਾਕਿਸਤਾਨ ਦੀ ਦਾਊਦ ਯੂਨੀਵਰਸਿਟੀ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ, ਕਰਾਚੀ ਵਿੱਚ ਹੋਲੀ ਖੇਡਣ ਲਈ ਹਿੰਦੂ ਅਤੇ ਮੁਸਲਿਮ ਵਿਦਿਆਰਥੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ।
21 ਫਰਵਰੀ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਦੇਸ਼ ਦੇ ਦੋਵਾਂ ਭਾਈਚਾਰਿਆਂ ਦੇ ਕੁਝ ਵਿਦਿਆਰਥੀਆਂ ਦੁਆਰਾ ਹੋਲੀ ਦੇ ਸਾਂਝੇ ਪ੍ਰੋਗਰਾਮ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਾਰਵਾਈ ਕੀਤੀ ਸੀ। ਇਸ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਜਿਸ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਹੋਲੀ ਖੇਡਣ ਵਾਲੇ ਹਿੰਦੂ ਅਤੇ ਮੁਸਲਿਮ ਵਿਦਿਆਰਥੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ। ਇਸ ਤੋਂ ਇਲਾਵਾ ਕਈਆਂ ਨੂੰ ਕਾਰਨ ਦੱਸੋ ਨੋਟਿਸ ਵੀ ਭੇਜੇ ਗਏ।