ਦੋਸ਼ ਹੈ ਦੋਸ਼ੀਆਂ ਨੇ ਤਕਰੀਬਨ $ 240,000 ਦੀ ਸ਼ਰਾਬ ਕੀਤੀ ਚੋਰੀ,
ਪੀਲ ਪੁਲਿਸ ਨੇ ਓਨਟੇਰਿਓ ਦੇ ਸਰਕਾਰੀ ਠੇਕਿਆਂ (ਐਲਸੀਬੀਓ) ਸਟੋਰਾਂ ਤੋਂ ਵੱਡੇ ਪੱਧਰ ‘ਤੇ ਸ਼ਰਾਬ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ।
ਪੀਲ ਰੀਜਨਲ ਪੁਲਿਸ ਨੇ ਬੁੱਧਵਾਰ ਨੂੰ ਦੱਸਿਆ ਕਿ ਸ਼ਰਾਬ ਦੀ ਲੁੱਟ ਦੇ ਮਾਮਲੇ ਵਿਚ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਚੋਰੀਆਂ ਅਗਸਤ 2024 ਤੋਂ ਫ਼ਰਵਰੀ 2025 ਤੱਕ ਅੰਜਾਮ ਦਿੱਤੀਆਂ ਗਈਆਂ ਸਨ।

Image: Peel Regional police.
ਇਸ ਗਿਰੋਹ ਨੇ ਕਰੀਬ 50 ਐਲਸੀਬੀਓ ਸਟੋਰਾਂ ਨੂੰ ਨਿਸ਼ਾਨਾ ਬਣਾਇਆ ਅਤੇ $ 237,738.95 ਦੇ ਮੁੱਲ ਦੀ ਸ਼ਰਾਬ ਚੋਰੀ ਕੀਤੀ। ਪੁਲਸ ਅਨੁਸਾਰ, ਇਹ ਸ਼ੱਕੀ ਵਿਅਕਤੀ ਇਕੱਠੇ ਹੀ ਸਟੋਰ ‘ਤੇ ਪਹੁੰਚਦੇ ਸਨ ਅਤੇ ਸਟੋਰ ਤੇ ਮੌਜੂਦ ਵਰਕਰਾਂ ਦਾ ਧਿਆਨ ਭਟਕਾਉਂਦੇ ਸਨ, ਤੇ ਫਿਰ ਇਹਨਾਂ ਦੇ ਸਾਥੀ ਸਟੋਰ ਵਿਚ ਦਾਖ਼ਲ ਹੋ ਕੇ ਚੋਰੀ ਨੂੰ ਅੰਜਾਮ ਦਿੰਦੇ ਸਨ।
ਪੁਲਿਸ ਨੇ ਇਸ ਮਾਮਲੇ ਵਿਚ ਫੜੇ ਗਏ ਸ਼ੱਕੀਆਂ ਦੀ ਪਛਾਣ, 25 ਸਾਲ ਦੇ ਅਨੁਜ ਕੁਮਾਰ, 29 ਸਾਲ ਦੇ ਸਿਮਰਪ੍ਰੀਤ ਸਿੰਘ, 25 ਸਾਲ ਦੇ ਸ਼ਰਨਦੀਪ ਸਿੰਘ ਅਤੇ 24 ਸਾਲ ਸਿਮਰਨਜੀਤ ਸਿੰਘ ਵੱਜੋਂ ਕੀਤੀ ਹੈ। ਇਹਨਾਂ ਚਾਰਾਂ ਜਣਿਆਂ ਦਾ ਕੋਈ ਪੱਕਾ ਪਤਾ ਨਹੀਂ ਹੈ।
ਇੱਕ ਹੋਰ ਸ਼ੱਕੀ, 29 ਸਾਲ ਦਾ ਪ੍ਰਭਪ੍ਰੀਤ ਸਿੰਘ ਕੈਲਡਨ ਦਾ ਰਹਿਣ ਵਾਲਾ ਹੈ। ਪੰਜੇ ਸ਼ੱਕੀਆਂ ਨੂੰ $5,000 ਡਾਲਰ ਤੋਂ ਵੱਧ ਦੀ ਚੋਰੀ ਦੇ ਮਾਮਲੇ ਵਿਚ ਚਾਰਜ ਕੀਤਾ ਗਿਆ ਹੈ। ਸ਼ਰਨਦੀਪ ਸਿੰਘ, ਸਿਮਰਨਜੀਤ ਸਿੰਘ ਅਤੇ ਪ੍ਰਭਪ੍ਰੀਤ ਸਿੰਘ, ਕ੍ਰਮਵਾਰ, ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ, ਗ਼ੈਰ-ਜ਼ਮਾਨਤ ਯੋਗ ਜੁਰਮ ਨੂੰ ਅੰਜਾਮ ਦੇਣ ਲਈ ਜਬਰਨ ਦਾਖ਼ਲ ਹੋਣ ਅਤੇ ਗ਼ੈਰ-ਜ਼ਮਾਨਤ ਯੋਗ ਜੁਰਮ ਦੀ ਸਾਜ਼ਿਸ਼, ਦੇ ਵੱਖਰੇ ਮਾਮਲਿਆਂ ਲਈ ਵੀ ਚਾਰਜ ਕੀਤੇ ਗਏ ਹਨ। ਦੋਸ਼ੀਆਂ ਦੀ ਹਾਲੇ ਅਦਾਲਤ ਵਿਚ ਸੁਣਵਾਈ ਨਹੀਂ ਹੋਈ ਹੈ।
ਦੋ ਹੋਰ ਸ਼ੱਕੀਆਂ, 28 ਸਾਲਾ ਜਗਸ਼ੀਰ ਸਿੰਘ ਅਤੇ 25 ਸਾਲਾ ਪੁਨੀਤ ਸਹਿਜਰਾ ਦੀ ਵੀ ਇਸ ਚੋਰੀ ਦੇ ਮਾਮਲੇ ਵਿਚ ਭਾਲ ਕੀਤੀ ਜਾ ਰਹੀ ਹੈ।

image: Peel Regional Police.
ਜਾਂਚ ਅਧਿਕਾਰੀਆਂ ਨੇ ਕਿਹਾ ਅਸੀਂ ਮਜ਼ਬੂਤ ਸੰਦੇਸ਼ ਭੇਜ ਰਹੇ ਹਾਂ ਕਿ ਜੋ ਲੋਕ ਗੈਰ ਕਾਨੂੰਨੀ ਕਾਰਵਾਈਆਂ ਕਰਕੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ, ਉਨ੍ਹਾਂ ਨੂੰ ਲੱਭ ਕੇ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਇਸ ਮਾਮਲੇ ‘ਚ ਦੋਸ਼ ਵੀ ਆਇਦ ਕੀਤੇ ਜਾ ਸਕਦੇ ਹਨ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਇਸ ਮਾਮਲੇ ਵਿਚ ਕਿਸੇ ਕੋਲ ਕੋਈ ਵੀ ਹੋਰ ਜਾਣਕਾਰੀ ਹੋਵੇ ਤਾਂ ਉਹ (905) 453-2121 ext. 2133 ‘ਤੇ ਸੰਪਰਕ ਕਰੇ।