ਫਾਜਿਲਕਾ ਜਿਲ੍ਹੇ ਦੇ ਕਈ ਪਿੰਡਾਂ ਚ ਸੇਮ ਬਣੀ ਸਮੱਸਿਆ…..
ਪੰਜਾਬ ਦਾ ਸੰਗਰੂਰ ਬਰਨਾਲਾ ਮਾਨਸਾ ਖੇਤਰ ਪਾਣੀ ਦੀ ਕਮੀ ਨਾਲ ਜੂਝ ਰਿਹਾ ਹੈ। ਇਨ੍ਹਾਂ ਜਿਲ੍ਹਿਆਂ ਚ ਜਮੀਨ ਹੇਠਲੇ ਪਾਣੀ ਦਾ ਪੱਧਰ ਦਿਨੋ-ਦਿਨ ਹੇਠਾਂ ਡਿੱਗ ਰਿਹਾ ਹੈ। ਇਨ੍ਹਾਂ ਜਿਲ੍ਹਿਆਂ ਦੇ ਕਈ ਇਲਾਕਿਆਂ ਚ ਤਾਂ ਧਰਤੀ ਹੇਠਲੇ ਪਾਣੀ ਦਾ ਪੱਧਰ 200 ਫੁੱਟ ਦੇ ਕਰੀਬ ਪਹੁੰਚ ਗਿਆ ਹੈ।

ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਇਨ੍ਹਾਂ ਜਿਲ੍ਹਿਆਂ ਚ ਪਾਣੀ ਬਚਾਉਣ ਲਈ ਯਤਨਸ਼ੀਲ ਹਨ। ਕਿਸਾਨਾਂ ਨੂੰ ਝੋਨੇ ਅਤੇ ਮੱਕੀ ਵਰਗੀਆਂ ਜਿਹੜੀਆਂ ਫਸਲਾਂ ਪਾਣੀ ਵੱਧ ਭਾਲਦੀਆਂ ਹਨ, ਉਹਨ੍ਹਾਂ ਦੇ ਬਦਲ ਤਲਾਸ਼ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਇਸਦੇ ਉਲਟ ਪੰਜਾਬ ਦਾ ਕਿਨੂੰ ਦੇ ਬਾਗਾਂ ਦਾ ਘਰ ਫਾਜਿਲਕਾ ਅਤੇ ਉਸਦੇ ਆਸ ਪਾਸ ਦਾ ਖੇਤਰ ਸੇਮ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਫਾਜਿਲਕਾ ਦੇ ਕਈ ਪਿੰਡਾਂ ਦੇ ਕਿਸਾਨਾਂ ਨੂੰ ਸੇਮ ਦੀ ਸਮੱਸਿਆ ਕਾਰਨ ਕਿਨੂੰ ਦੇ ਬਾਗ ਖ਼ਤਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਸਰਕਾਰੀ ਅੰਕੜਿਆਂ ਮੁਤਾਬਕ, ਫ਼ਾਜ਼ਿਲਕਾ ਜ਼ਿਲ੍ਹੇ ਦੇ ਖੂਹੀਆ ਸਰਵਰ ਬਲਾਕ ਦੇ 26 ਪਿੰਡਾਂ ਦੀ ਕਰੀਬ 3,000 ਏਕੜ ਜ਼ਮੀਨ ਸੇਮ ਦੀ ਸਮੱਸਿਆ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਇਹ ਪਿੰਡ ਵੀ ਸਮੱਸਿਆ ਨਾਲ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਵਿਚੋਂ ਇਕ ਹੈ।

ਜੇਕਰ ਕਣਕ ਜਾ ਕਿਸੇ ਹੋਰ ਫਸਲ ਦੀ ਬਿਜਾਈ ਕੀਤੀ ਜਾਵੇ ਉਹ ਵੀ ਪਾਣੀ ਕਾਰਨ ਸੁੱਕ ਜਾਂਦੀ ਹੈ।
ਕਈ ਪਿੰਡਾਂ ਵਿੱਚ ਪਾਣੀ ਸਤਹ ਤੋਂ ਉੱਪਰ ਆ ਗਿਆ ਹੈ। ਜਿਸ ਕਰ ਕੇ ਖੇਤ ਛੱਪੜਾਂ ਦਾ ਭੁਲੇਖਾ ਵੀ ਪਾਉਂਦੇ ਹਨ। ਫ਼ਸਲਾਂ ਹੀ ਨਹੀਂ ਸੇਮ ਕਾਰਨ ਘਰਾਂ ਨੂੰ ਵੀ ਖ਼ਾਸਾ ਨੁਕਸਾਨ ਹੋ ਰਿਹਾ ਹੈ।

ਪਿੱਛਲੇ ਦਿਨੀ ਪੰਜਾਬ ਸਰਕਾਰ ਦੇ ਮੰਤਰੀ ਅਮਨ ਅਰੋੜਾ ਅਬੋਹਰ ਪਹੁੰਚੇ ਸਨ।

ਇਸ ਮੌਕੇ ਉਹਨਾਂ ਨੇ ਇਲਾਕੇ ਵਿੱਚ ਸੇਮ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਇਸ ਦੇ ਨਿਪਟਾਰੇ ਲਈ ਪ੍ਰਤੀਬੱਧ ਹੈ ਅਤੇ 100 ਕਰੋੜ ਰੁਪਏ ਦਾ ਪ੍ਰੋਜੈਕਟ ਤਿਆਰ ਕੀਤਾ ਜਾ ਰਿਹਾ ਹੈ।