SnpNews.In
ਬੱਚਿਆਂ ‘ਤੇ ਨੋਜਵਾਨ ਕੁੜੀਆਂ ਨਾਲ ਅਪਰਾਧਿਕ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਪਿਛਲੇ ਕੁੱਝ ਦਿਨਾਂ ਚ ਨੋਜਵਾਨ ਕੁੜੀਆਂ ਦੇ ਲਾਪਤਾ ਹੋਣ ਅਤੇ ਬੱਚਿਆਂ ਦੇ ਅਪਹਰਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨੇ ਮਾਪਿਆਂ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਪੈਦਾ ਕਰ ਦਿੱਤੀ ਹੈ।
ਪੰਜਾਬ ਚ ਨੋਜਵਾਨ ਕੁੜੀਆਂ ਦੇ ਲਾਪਤਾ ਹੋਣ ਜਾ ਉਹਨ੍ਹਾਂ ਨਾਲ ਹੋਣ ਵਾਲੇ ਅਪਰਾਧ ਲਗਾਤਾਰ ਜਾਰੀ ਹਨ। ਅਪਰਾਧੀਆਂ ਦੇ ਹੌਸਲੇ ਬੁਲੰਦ ਹੋ ਰਹੇ ਹਨ। ਜਿਸ ਕਾਰਨ ਮਾਪਿਆਂ ਦੇ ਮਨਾਂ ਵਿੱਚ ਡਰ ਪੈਦਾ ਹੋ ਰਿਹਾ ਹੈ। ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪਰਾਧੀਆਂ ‘ਤੇ ਨਕੇਲ ਕੱਸ ਕੇ ਨੋਜਵਾਨ ਬੱਚਿਆਂ ਦੇ ਮਾਪਿਆਂ ਚ ਪੈਦਾ ਹੋ ਰਿਹਾ ਡਰ ਦਾ ਮਾਹੌਲ ਖ਼ਤਮ ਕਰਨਾ ਚਾਹੀਦਾ ਹੈ।
ਖੰਨਾ ਦੇ ਨੇੜੇ ਦੇ ਪਿੰਡ ਅਲੋੜ ਤੋਂ ਨਾਬਾਲਿਗ ਲੜਕੀ ਦੀ ਅੱਧਨੰਗੀ ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮਿਲੀ ਜਾਣਕਾਰੀ ਅਨੁਸਾਰ ਪਰਵਾਸੀ ਪਰਿਵਾਰ ਦੀ ਇੱਕ ਨਾਬਾਲਿਗ ਲੜਕੀ ਨਾਲ ਕੁਕਰਮ ਕਰਨ ਤੋਂ ਬਾਅਦ ਇੱਕ ਰਾਜ ਮਿਸਤਰੀ ਵੱਲੋਂ ਕਤਲ ਕਰਕੇ ਲਾਸ਼ ਰੇਲਵੇ ਟਰੈਕ ਨੇੜੇ ਖੇਤਾਂ ਵਿੱਚ ਸੁੱਟ ਦਿੱਤੀ, ਦੱਸਿਆ ਜਾ ਰਿਹਾ ਹੈ ਦੋਸ਼ੀ ਮਿਸਤਰੀ ਵਿਆਹਿਆ ਹੋਇਆ ਹੈ ਅਤੇ ਉਸਨੇ ਕੁੜੀ ਨੂੰ ਝਾਂਸੇ ਚ ਲੈ ਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ।
7 ਮਾਰਚ ਨੂੰ ਜੀਰਕਪੁਰ ਨਾਲ ਸਬੰਧਤ ਇੱਕ ਨੋਜਵਾਨ ਕੁੜੀ ਦਾ 4 ਨੋਜਵਾਨਾਂ ਨਾਲ ਘਰੋਂ ਜਾਣ ਤੋਂ ਬਾਅਦ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਕੁੜੀ ਦੇ ਘਰ ਵਾਲਿਆਂ ਨੇ ਪੁਲਸ ਥਾਣੇ ‘ਚ ਰਿਪੋਰਟ ਦਰਜ ਕਰਵਾਈ। ਕੁੜੀ ਦੀ ਭਾਲ ਜਾਰੀ ਸੀ ਕਿ 11 ਮਾਰਚ ਨੂੰ ਕੁੜੀ ਦੀ ਲਾਸ਼ ਰਾਜਪੁਰਾ ਨੇੜੇ ਤੋਂ ਮਿਲੀ ਜਿਸ ਤੋਂ ਬਾਅਦ ਕੁੜੀ ਦੇ ਪਰਿਵਾਰ ਵਾਲਿਆਂ ਨੇ ਪੁਲਸ ਥਾਣਾ ਘੇਰ ਕੇ ਪੁਲਸ ਤੇ ਢਿੱਲੀ ਕਾਰਗੁਜ਼ਾਰੀ ਦਾ ਦੋਸ਼ ਲਗਾਇਆ ਅਤੇ ਦੋਸੀਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ।
ਇਸੇ ਦੌਰਾਨ ਪੁਲਸ ਨੇ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ, ਮਿਲੀ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਚੰਡੀਗੜ੍ਹ ਪੜ੍ਹ ਰਹੀ ਬਠਿੰਡਾ ਦੇ ਮੋੜ ਨਾਲ ਸਬੰਧਤ 19 ਸਾਲਾ ਵਿਦਿਆਰਥਣ ਦੀ ਲਾਸ਼ ਪਿੰਡ ਯਾਤਰੀ ਨੇੜੇ ਨਹਿਰ ਚੋਂ ਮਿਲਣ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ, ਪਰਿਵਾਰਕ ਮੈਂਬਰਾਂ ਅਨੁਸਾਰ ਕੁੜੀ ਚੰਡੀਗੜ੍ਹ ਤੋਂ ਪਿੰਡ ਆ ਰਹੀ ਸੀ ਜਿਸ ਦੌਰਾਨ ਉਹਨੂੰ ਕਿਡਨੈਪ ਕਰ ਲਿਆ ਗਿਆ ਅਤੇ ਹੱਤਿਆ ਕਰਨ ਤੋਂ ਬਾਅਦ ਨਹਿਰ ‘ਚ ਸੁੱਟ ਦਿੱਤਾ ਗਿਆ।

ਇਸੇ ਦੌਰਾਨ ਮੋੜ ਦੇ ਲੋਕਾਂ ਅਤੇ ਪਰਿਵਾਰ ਨੇ ਬਜ਼ਾਰਾਂ ਨੂੰ ਬੰਦ ਕਰਨ ਤੋਂ ਬਾਅਦ ਧਰਨਾ ਦਿੱਤਾ ਅਤੇ ਲੋਕਲ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਾਰਵਾਈ ਨਾਂ ਕਰਨ ਦਾ ਦੋਸ਼ ਲਗਾਇਆ। ਲਗਾਤਾਰ ਜਾਰੀ ਧਰਨੇ ਤੋਂ ਬਾਅਦ ਉੱਚ ਅਧਿਕਾਰੀਆਂ ਨੇ ਮਾਮਲੇ ਨੂੰ ਸ਼ਾਂਤ ਕਰਨ ਲਈ ਮੋੜ ਮੰਡੀ ਦੇ SHO ਇੰਸਪੈਕਟਰ ਮਨਜੀਤ ਸਿੰਘ ਨੂੰ ਅਣਗਹਿਲੀ ਵਰਤਣ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਅਤੇ 5 ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ।
ਬੀਤੇ ਦਿਨੀਂ 12 ਮਾਰਚ ਨੂੰ ਅਮਰਗੜ੍ਹ ਨੇੜੇ ਦੇ ਪਿੰਡ ਸੀਂਹਾਂ ਦੋਦ ਤੋਂ ਇੱਕ 6 ਸਾਲਾ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੂਚਨਾ ਮਿਲਦੇ ਹੀ ਪੁਲਸ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਲਗਾਤਾਰ ਨੇੜੇ ਦੇ ਜਿਲ੍ਹਿਆਂ ਦੀ ਪੁਲਸ ਨਾਲ ਮਿਲ ਕੇ ਛਾਣਬੀਣ ਕੀਤੀ। ਜਿਸ ਤੋਂ ਬਾਅਦ ਪਟਿਆਲਾ ਪੁਲਸ ਨੇ ਮੁੱਠਭੇੜ ਤੋਂ ਬਾਅਦ ਬੱਚੇ ਨੂੰ ਅਗਵਾਕਾਰਾਂ ਤੋਂ ਛੁਡਾ ਕੇ ਪਰਿਵਾਰ ਦੇ ਹਵਾਲੇ ਕੀਤਾ ਗਿਆ। ਇਸ ਸਾਰੇ ਘਟਨਾਕ੍ਰਮ ਦੌਰਾਨ ਹੈਰਾਨੀ ਵਾਲੀ ਗੱਲ ਸਾਹਮਣੇ ਆਈ ਅਗਵਾਕਾਰਾਂ ਚੋਂ ਮੁੱਖ ਦੋਸ਼ੀ 22 ਸਾਲਾ ਨੋਜਵਾਨ ਬੱਚੇ ਦੇ ਪਿੰਡ ਤੋਂ ਹੀ ਸੀ। ਜਿਸਦੇ ਪਰਿਵਾਰ ਦੀ ਪੀੜਤ ਬੱਚੇ ਦੇ ਪਰਿਵਾਰ ਨਾਲ ਪਰਿਵਾਰਕ ਸਾਂਝ ਸੀ ਅਤੇ ਪਿੱਛਲੇ ਦਿਨੀ ਕੈਨੇਡਾ ਤੋਂ ਆਇਆ।

ਸਰਕਾਰ ਅਤੇ ਪੁਲਸ ਪ੍ਰਸ਼ਾਸਨ ਨੂੰ ਅਪਰਾਧ ਖਿਲਾਫ ਵੀ ਆਪਣੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੀ ਤਰਜ਼ ਤੇ ਇੱਕ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ। ਜਿਸ ਨਾਲ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ।