ਸੰਗਰੂਰ ਦੇ ਭਵਾਨੀਗੜ੍ਹ ਦੇ ਪਿੰਡ ਰਾਮਪੁਰਾ ਵਿਖੇ ਅੱਜ ਦੁਪਹਿਰ ਸਮੇਂ ਇੱਕ ਠੱਗ ਨੇ ਖੁਦ ਨੂੰ CIA ਮੁਲਾਜ਼ਮ ਦੱਸ ਗੈਸ ਏਜੈਂਸੀ ਦੇ ਡਿਲਿਵਰੀ ਮੈਂਨ ਤੋਂ 22000 ਰੁਪਏ ਲੁੱਟ ਲਏ, ਮਾਮਲਾ ਦਰਜ ਕਰਕੇ ਪੁਲਸ ਕਰ ਰਹੀ ਹੈ ਦੋਸ਼ੀ ਦੀ ਭਾਲ।
ਮਿਲੀ ਜਾਣਕਾਰੀ ਅਨੁਸਾਰ ਭਵਾਨੀਗੜ੍ਹ ਗੈਸ ਏਜੈਂਸੀ ਦਾ ਮੁਲਾਜ਼ਮ ਸੁਖਚੈਨ ਸਿੰਘ ਪਿੰਡ ਰਾਮਪੁਰਾ ਵਿਖੇ ਗੈਸ ਸਿਲੰਡਰ ਸਪਲਾਈ ਕਰਨ ਗਿਆ ਸੀ। ਪਿੰਡ ਚ ਉਸਨੂੰ ਇੱਕ ਸਕੂਟੀ ਸਵਾਰ ਨੇ ਰੋਕਿਆ ਅਤੇ ਖੁਦ ਨੂੰ CIA ਸਟਾਫ ਦਾ ਮੁਲਜ਼ਮ ਦੱਸ ਕੇ ਇੱਕ ਔਰਤ ਦਾ ਪਰਸ ਚੋਰੀ ਹੋਣ ਦੀ ਗੱਲ ਕਹਿ ਕੇ ਸੁਖਚੈਨ ਸਿੰਘ ਦੀ ਤਲਾਸ਼ੀ ਲੈਣ ਦੀ ਗੱਲ ਆਖੀ ਅਤੇ ਉਸਦੀ ਜੇਬ ਵਿਚੋਂ ਗੈਸ ਸਿਲੰਡਰ ਡਿਲੀਵਰੀ ਕਰਕੇ ਮਿਲੇ 22000 ਰੁਪਏ ਖੋਹ ਲਏ ਅਤੇ ਉਸਨੂੰ ਫੱਗੂਵਾਲਾ ਓਵਰ ਬ੍ਰਿਜ ਤੇ ਆਉਣ ਲਈ ਕਿਹਾ ਜਿੱਥੇ ਉਸਨੇ ਆਪਣੇ ਸਾਥੀ ਮੁਲਜ਼ਮਾਂ ਹੋਣ ਦਾ ਝਾਂਸਾ ਦਿੱਤਾ। ਜਦੋਂ ਸੁਖਚੈਨ ਸਿੰਘ ਉਸਦੀ ਦੱਸੀ ਥਾਂ ਗਿਆ ਓਥੇ ਕੋਈ ਵੀ ਮੌਜੂਦ ਨਹੀਂ ਸੀ।
ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਇੱਕ ਹਫਤੇ ਪਹਿਲਾਂ ਵੀ ਹੋਈ ਸੀ ਜਦੋਂ ਨਾਭਾ ਗੈਸ ਏਜੈਂਸੀ ਦੇ ਮੁਲਾਜ਼ਮਾਂ ਨੂੰ ਚੰਨੋ ਸੱਦ ਕੇ ਇੱਕ ਵਿਅਕਤੀ ਨੇ ਪੁਲਸ ਮੁਲਾਜ਼ਮ ਹੋਣ ਦਾ ਦਾਅਵਾ ਕਰਦੇ ਹੋਏ 35 ਹਜ਼ਾਰ ਰੁਪਏ ਲੁੱਟ ਲਏ ਸਨ।
ਭਵਾਨੀਗੜ੍ਹ ਗੈਸ ਏਜੈਂਸੀ ਦੇ ਮਾਲਕ ਚਰਨਪਾਲ ਸਿੰਘ ਨੇ ਪੁਲਸ ਨੂੰ ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਅਤੇ ਸਖਤ ਕਾਰਵਾਈ ਦੀ ਮੰਗ ਕੀਤੀ। ਇਸ ਘਟਨਾਕ੍ਰਮ ਬਾਰੇ ਪੁਲਸ ਚੌਂਕੀ ਚ ਮੌਜੂਦ ਸਬ ਇੰਸਪੈਕਟਰ ਸੁਖਦੇਵ ਸਿੰਘ ਨਾਲ ਗੱਲ ਹੋਣ ਤੇ ਉਹਨਾਂ ਨੇ ਕਿਹਾ ਅਸੀਂ ਮਾਮਲੇ ਦੀ ਗੰਭੀਰਤਾ ਜਾਂਚ ਕਰ ਰਹੇ ਹਾਂ। ਦੋਸ਼ੀ ਨੂੰ ਛੇਤੀ ਕਾਬੂ ਕਰਕੇ ਧੋਖਾਧੜੀ ਦਾ ਇਹ ਮਾਮਲਾ ਹੱਲ ਕਰ ਲਿਆ ਜਾਵੇਗਾ।