ਸੰਗਰੂਰ ਵਿਧਾਇਕਾ ਬੀਬੀ ਨਰਿੰਦਰ ਭਰਾਜ ਤੇ ਲੱਗੇ ਸਨ ਲੱਖਾਂ ਰੁਪਏ ਲੈਣ ਦੇ ਇਲਜ਼ਾਮ,
ਹਲਕਾ ਸੰਗਰੂਰ ਦੇ ਭਵਾਨੀਗੜ੍ਹ ਦੇ ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ, ਦਰਅਸਲ ਪਿਛਲੇ ਦਿਨੀਂ ਮਨਜੀਤ ਸਿੰਘ ਕਾਕਾ ਨਾਂ ਦੇ ਵਿਅਕਤੀ ਨੇ ਭਵਾਨੀਗੜ੍ਹ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੇ ਵਿਵਾਦ ਦੌਰਾਨ ਜਹਿਰੀਲੀ ਚੀਜ਼ ਨਿਗਲ ਕੇ ਆਤਮਹੱਤਿਆ ਦੀ ਕੋਸ਼ਿਸ਼ ਕੀਤੀ।

ਜਿਸ ਤੋਂ ਬਾਅਦ ਮਨਜੀਤ ਸਿੰਘ ਕਾਕਾ ਦੇ ਪਰਿਵਾਰ ਨੇ ਸੰਗਰੂਰ ਤੋਂ ਵਿਧਾਇਕਾ ਤੇ ਦੋਸ਼ ਲਗਾਇਆ ਕਿ ਵਿਧਾਇਕਾ ਨੇ 35 ਲੱਖ ਰੁਪਏ ਦੀ ਰਿਸ਼ਵਤ ਮਨਜੀਤ ਕਾਕੇ ਤੋਂ ਲਈ ਸੀ ਅਤੇ ਬਾਅਦ ‘ਚ ਵਿਰੋਧੀ ਧਿਰ ਵੱਲੋਂ 55 ਲੱਖ ਰੁਪਏ ਦੀ ਰਕਮ ਦੇਣ ਕਾਰਨ ਆਪਣੇ ਗੁਰਪ੍ਰੀਤ ਸਿੰਘ ਰਾਹੀ 35 ਲੱਖ ਰੁਪਏ ਵਾਪਸ ਕਰ ਦਿੱਤਾ ਗਿਆ ਜਿਸਦੀ ਉਹਨਾਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ।
ਇਸ ਸਾਰੇ ਘਟਨਾਕ੍ਰਮ ਦੌਰਾਨ ਵਿਰੋਧੀ ਪਾਰਟੀਆਂ ਪੰਜਾਬ ਸਰਕਾਰ ਅਤੇ ਸੰਗਰੂਰ ਵਿਧਾਇਕਾ ਨੂੰ ਘੇਰਦੀਆਂ ਦਿਖਾਈ ਦਿੱਤੀਆਂ, ਭਾਜਪਾ ਆਗੂ ਅਰਵਿੰਦ ਖੰਨਾ, ਰਵਨੀਤ ਬਿੱਟੂ, ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਅਤੇ ਕਾਂਗਰਸ ਪਾਰਟੀ ਵੱਲੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ।

ਮਨਜੀਤ ਸਿੰਘ ਦੇ ਪਰਿਵਾਰ ਅਤੇ ਨੇੜਲੇ ਪਿੰਡਾਂ ਵਾਲਿਆਂ ਵੱਲੋਂ ਭਵਾਨੀਗੜ੍ਹ ਥਾਣੇ ਵਿਚ ਵਿਧਾਇਕਾ ਖਿਲਾਫ ਮਨਜੀਤ ਸਿੰਘ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਮਾਮਲੇ ‘ਚ ਦਰਖਾਸਤ ਦੇਣ ਤੋਂ ਬਾਅਦ ਅੱਜ ਫੱਗੂਵਾਲਾ ਪਿੰਡ ਨੇੜੇ ਸੰਗਰੂਰ, ਬਠਿੰਡਾ ਚੰਡੀਗੜ੍ਹ ਮੁੱਖ ਮਾਰਗ ਰੋਕ ਕੇ ਧਰਨਾ ਦਿੱਤਾ ਗਿਆ ਅਤੇ ਵਿਧਾਇਕਾ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ।