ਭਵਾਨੀਗੜ੍ਹ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਆਤਮਹੱਤਿਆ ਦੀ ਕੋਸ਼ਿਸ਼ ਕਰਨ ਵਾਲਾ ਸ਼ਖ਼ਸ ਆਇਆ ਮੀਡੀਆ ਸਾਹਮਣੇ
ਪਿੱਛਲੇ ਦਿਨੀ ਭਵਾਨੀਗੜ੍ਹ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਹੋਏ ਵਿਵਾਦ ਅਤੇ ਉਸ ਤੋਂ ਬਾਅਦ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕਰਨ ਵਾਲਾ ਮਨਜੀਤ ਸਿੰਘ ਕਾਕਾ ਅੱਜ ਮੀਡੀਆ ਸਾਹਮਣੇ ਆਇਆ
ਭਵਾਨੀਗੜ੍ਹ ਟਰੱਕ ਯੂਨੀਅਨ ਦੇ ਮਾਮਲੇ ਵਿੱਚ ਸੰਗਰੂਰ ਤੋਂ ਐਮਐਲਏ ਨਰਿੰਦਰ ਕੌਰ ਭਰਾਜ ਦੇ ਖਿਲਾਫ ਬੁੱਧਵਾਰ ਮਨਜੀਤ ਸਿੰਘ ਕਾਕਾ ਨੇ ਵੱਡੇ ਇਲਜ਼ਾਮ ਲਾਏ ਹਨ।
ਆਮ ਆਦਮੀ ਪਾਰਟੀ ਦੀ ਵਿਧਾਇਕਾ ਖਿਲਾਫ਼ ਇੱਕ ਪ੍ਰੈਸ ਕਾਨਫਰੰਸ ਵਿੱਚ ਕਾਕਾ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਵਿਨਰਜੀਤ ਸਿੰਘ ਗੋਲਡੀ, ਅਤੇ ਬੀਜੇਪੀ ਤੋਂ ਅਰਵਿੰਦ ਖੰਨਾ, ਕਾਂਗਰਸ ਤੋਂ ਸੁਰਿੰਦਰ ਸੀਵੀਆ ਮੌਜੂਦ ਸਨ।
ਮਨਜੀਤ ਸਿੰਘ ਕਾਕਾ ਨੇ ਭਵਾਨੀਗੜ੍ਹ ਵਿਖੇ ਟਰੱਕ ਯੂਨੀਅਨ ਦਾ ਪ੍ਰਧਾਨ ਨਾ ਬਣਨ ਤੋਂ ਬਾਅਦ ਇੱਕ ਵੀਡੀਓ ਬਣਾ ਕੇ ਨਰਿੰਦਰ ਕੌਰ ਭਰਾਜ ਦੇ ਉੱਤੇ 30 ਲੱਖ ਰੁਪਇਆ ਲੈਣ ਦੀ ਗੱਲ ਆਖੀ ਸੀ ਤੇ ਉਸ ਤੋਂ ਬਾਅਦ ਜ਼ਹਿਰ ਖਾ ਕੇ ਖੁਦ ਦੀ ਜੀਵਨਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ।
ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਕਾਕਾ ਦਾ ਕਹਿਣਾ ਹੈ ਕਿ ਨਰਿੰਦਰ ਕੌਰ ਭਰਾਜ ਨੇ ਪੈਸੇ ਲੈ ਕੇ ਉਸ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਨਹੀਂ ਬਣਾਇਆ, ਇੱਥੋਂ ਤੱਕ ਕਿ ਦੂਜੇ ਵਿਅਕਤੀ ਨੂੰ ਪ੍ਰਧਾਨ ਬਣਾ ਦਿੱਤਾ ਗਿਆ, ਜਿਸ ਤੋਂ ਵੱਧ ਪੈਸੇ ਲਿੱਤੇ ਗਏ ਹਨ। ਉਸ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਨਾਂ ਦਾ ਵਿਅਕਤੀ ਵੀ ਨਰਿੰਦਰ ਕੌਰ ਭਰਾਜ ਦਾ ਹੀ ਸਾਥੀ ਹੈ। ਉਸ ਨੇ ਕਿਹਾ ਕਿ ਉਸ ਨਾਲ ਪ੍ਰਧਾਨ ਬਣਨ ਲਈ ਪੈਸਿਆਂ ਦੀ ਗੱਲ ਢਿੱਲੋਂ ਹਵੇਲੀ ਵਿੱਚ ਬੈਠ ਕੇ ਹੋਈ ਸੀ। ਉਸ ਨੇ ਕਿਹਾ ਕਿ ਉਸ ਕੋਲ ਸਬੂਤ ਵੱਜੋਂ ਮੋਬਾਈਲ ਦੀਆਂ ਸਾਰੀਆਂ ਲੋਕੇਸ਼ਨ ਹਨ, ਜਿਸ ਦੌਰਾਨ ਉਸ ਕੋਲੋਂ ਪੈਸਿਆਂ ਦੀ ਮੰਗ ਕੀਤੀ ਗਈ।
ਕਾਕਾ ਨੇ ਇਸ ਦੌਰਾਨ ਇੱਕ ਕੋਠੀ ਦੀਆਂ ਫੋਟੋਆਂ ਦਿਖਾ ਕੇ ਜਾਂਚ ਦੀ ਮੰਗ ਵੀ ਕੀਤੀ ਉਸਨੇ ਕਿਹਾ ਇਹ ਕੋਠੀ ਵਿਧਾਇਕਾ ਦੀ ਹੈ ਇਸਦੀ ਜਾਂਚ ਹੋਣੀ ਚਾਹੀਦੀ ਹੈ।
ਉਸ ਨੇ ਕਿਹਾ ਕਿ ਮੈਂ 2014 ਤੋਂ ਆਮ ਆਦਮੀ ਪਾਰਟੀ ਦੇ ਵਿੱਚ ਨਰਿੰਦਰ ਕੌਰ ਭਰਾਜ ਨਾਲ ਕੰਮ ਕਰ ਰਿਹਾ ਹਾਂ ਅਤੇ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕ ਦੀ ਖੁੱਲ ਕੇ ਸਪੋਰਟ ਕੀਤੀ ਸੀ, ਪਰ ਅੱਜ ਉਹ ਮੈਨੂੰ ਪਛਾਣਨ ਤੋਂ ਇਨਕਾਰ ਕਰ ਰਹੀ ਹੈ।
ਸੀਐਮ ਤੋਂ ਜਾਂਚ ਦੀ ਕੀਤੀ ਮੰਗਕਾਕੇ ਦੇ ਵੀ ਇਲਜ਼ਾਮ ਹਨ ਕਿ ਟਰੱਕ ਯੂਨੀਅਨ ‘ਚ ਕਰੋੜਾਂ ਦਾ ਘਪਲਾ ਹੈ, ਜਿਸ ਨੂੰ ਲੁਕਾਉਣ ਦੇ ਲਈ ਉਸਨੂੰ ਪ੍ਰਧਾਨ ਨਹੀਂ ਬਣਾਇਆ ਗਿਆ ਨਹੀਂ ਤਾਂ ਵਿਧਾਇਕਾ ਨਰਿੰਦਰ ਕੌਰ ਤੇ ਉਹਦੇ ਸਾਥੀਆਂ ਦੀ ਪੋਲ ਖੁੱਲ ਜਾਣੀ ਸੀ। ਉਸਨੇ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਾਇਆ ਕਿ ਸਭਾ ਚੋਣਾਂ ਦੌਰਾਨ ਗੁਰਮੇਲ ਸਿੰਘ ਘਰਾਚੋਂ ਦਾ ਪਾਰਟੀ ਅੰਦਰ ਤੋਂ ਹੀ ਵਿਰੋਧ ਕੀਤਾ ਗਿਆ ਸੀ ਜਿਸਦੀ ਉਸ ਕੋਲ ਰਿਕਾਰਡਿੰਗ ਵੀ ਮੌਜੂਦ ਹੈ।
ਮਨਜੀਤ ਸਿੰਘ ਕਾਕਾ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੰਗ ਕੀਤੀ ਹੈ ਕਿ ਉਸ ਨੂੰ ਜਲਦ ਇਨਸਾਫ ਦਵਾਇਆ ਜਾਵੇ।
ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਵਿਨਰਜੀਤ ਸਿੰਘ ਗੋਲਡੀ ਦਾ ਕਹਿਣਾ ਹੈ ਕਿ ਅਸੀਂ ਮਨਜੀਤ ਸਿੰਘ ਕਾਕੇ ਦੇ ਬਿਲਕੁਲ ਨਾਲ ਹਾਂ ਅਤੇ ਜਦ ਤੱਕ ਇਨਸਾਫ ਨਹੀਂ ਮਿਲਦਾ ਤਦ ਤੱਕ ਸੰਘਰਸ਼ ਜਾਰੀ ਰਹੇਗਾ।
ਇੱਥੇ ਦੱਸਣਯੋਗ ਹੈ ਕੱਲ੍ਹ ਹੀ ਸੰਗਰੂਰ ਤੋਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਮਗਰੋਂ ਹਾਲ ਹੀ ‘ਚ ਟਰੱਕ ਯੂਨੀਅਨ ਭਵਾਨੀਗੜ੍ਹ ਦੇ ਨਵੇਂ ਚੁਣੇ ਪ੍ਰਧਾਨ ‘ਆਪ’ ਆਗੂ ਜਤਿੰਦਰ ਸਿੰਘ ਵਿੱਕੀ ਬਾਜਵਾ ਨੇ ਵੀ ਯੂਨੀਅਨ ਦੀ ਪ੍ਰਧਾਨਗੀ ਲਈ ਕਥਿਤ ਤੌਰ ‘ਤੇ ਪੈਸੇ ਦੇ ਲੈਣ ਦੇਣ ਦੀ ਵੀਡੀਓ ਪ੍ਰਿੰਟ ਮੀਡੀਆ ਤੇ ਸੋਸ਼ਲ ਮੀਡੀਆ ਸਮੇਤ ਪਬਲਿਕ ਡੋਮੇਨ ‘ਚ ਵਾਇਰਲ ਕਰਨ ‘ਤੇ ਆਪਣੇ ਵਕੀਲ ਰਾਹੀਂ ਟਰੱਕ ਆਪਰੇਟਰ ਮਨਜੀਤ ਸਿੰਘ ਕਾਕਾ ਤੇ ਉਸਦੇ ਭਰਾ ਗੁਰਮੀਤ ਸਿੰਘ ਨੂੰ ਕਾਨੂੰਨੀ ਨੋਟਿਸ ਭਿਜਵਾਇਆ ਗਿਆ। ਨੋਟਿਸ ਰਾਹੀਂ ਉਕਤਾਨ ਵਿਅਕਤੀਆਂ ਨੂੰ ਹਫਤੇ ਦੇ ਅੰਦਰ ਬਿਨਾਂ ਸ਼ਰਤ ਮੁਆਫੀ ਨਾ ਮੰਗਣ ‘ਤੇ ਕੇਸ ਦਰਜ ਕਰਵਾਉਣ ਦੀ ਚਿਤਾਵਨੀ ਦਿੱਤੀ ਗਈ ਹੈ।