ਮੁੱਖ ਮੰਤਰੀ ਦੇ ਪਿੰਡ ਖਾਲਿਸਤਾਨ ਦੇ ਨਾਹਰੇ ਲਿਖਣ ਦਾ ਮਾਮਲਾ
ਸੰਗਰੂਰ ਪੁਲਿਸ ਨੇ ਸਤੌਜ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਮਾਮਲੇ ਵਿੱਚ 6 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ:
ਪਲਵਿੰਦਰ ਸਿੰਘ ਚੀਮਾ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਪਲਵਿੰਦਰ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਖੁਲਾਸਾ-
ਸੰਗਰੂਰ, 27 ਫਰਵਰੀ: ਐਸ.ਐਸ.ਪੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ ਹੇਠ ਪੁਲਿਸ ਲਾਈਨ ਸੰਗਰੂਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਸੰਗਰੂਰ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਸੰਗਰੂਰ ਪੁਲਿਸ ਨੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਸਤੌਜ ਵਿਖੇ ਬੀਤੀ 12 ਫਰਵਰੀ ਨੂੰ ਖਾਲਿਸਤਾਨ ਪੱਖੀ ਨਾਅਰੇ ਲਿਖ ਕੇ ਕਾਫੀ ਸੰਵੇਦਨਸ਼ੀਲ ਅਤੇ ਆਮ ਲੋਕਾਂ ਵਿੱਚ ਸਹਿਮ ਪੈਦਾ ਕਰਨ ਵਾਲੀ ਵਾਰਦਾਤ ਨੂੰ ਟਰੇਸ ਕਰਕੇ 6 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਪੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਥਾਣਾ ਧਰਮਗੜ੍ਹ ਵਿਖੇ ਮੁਖਬਰ ਖਾਸ ਦੀ ਇਤਲਾਹ ’ਤੇ ਮੁਕੱਦਮਾ ਨੰਬਰ 08 ਮਿਤੀ 12.02.2025 ਅ/ਧ 192, 61(2) ਬੀ.ਐਨ.ਐਸ, 10, 13 ਦੀ ਅਨਲਾਅ-ਫੁੱਲ ਐਕਟੀਵਿਟੀਜ਼ (ਪ੍ਰੀਵੈਨਸ਼ਨ) ਐਕਟ 1967 (ਅਮੈਂਡਮੈਂਟ 2012) ਥਾਣਾ ਧਰਮਗੜ੍ਹ ਦਰਜ ਹੋਇਆ ਕਿ ਪਿੰਡ ਸਤੌਜ ਵਿਖੇ ਖਾਲਿਸਤਾਨ ਬਾਰੇ ਅਤੇ ਹੋਰ ਨਾਅਰੇ ਲਿਖੇ ਹੋਏ ਹਨ ਅਤੇ ਇੱਕ ਝੰਡਾ ਜਿਸ ’ਤੇ ਖਾਲਿਸਤਾਨ ਲਿਖਿਆ ਲੱਗਿਆ ਹੋਇਆ ਹੈ।
ਐਸ.ਪੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਇਸ ਸਬੰਧੀ ਗੁਰਪਤਵੰਤ ਸਿੰਘ ਪੰਨੂ, ਜਿਸ ਨੇ ਐਸ.ਐਫ.ਜੇ ਨਾਮ ਦਾ ਇੱਕ ਸੰਗਠਨ ਬਣਾਇਆ ਹੋਇਆ ਹੈ, ਜੋ ਭਾਰਤ ਸਰਕਾਰ ਵੱਲੋਂ ਗੈਰਕਾਨੂੰਨੀ ਐਲਾਨਿਆ ਹੋਇਆ ਹੈ, ਦੇ ਵੱਲੋਂ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਕੀਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਗੁਰਪਤਵੰਤ ਸਿੰਘ ਪੰਨੂ ਜੋ ਦੇਸ਼ ਵਿਰੁੱਧ ਗਤੀਵਿਧੀਆਂ ਅਤੇ ਸਾਜਿਸ਼ਾਂ, ਭੜਕਾਊ ਬਿਆਨਬਾਜ਼ੀ ਅਕਸਰ ਕਰਦਾ ਰਹਿੰਦਾ ਹੈ ਅਤੇ ਉਸ ਵੱਲੋਂ ਵੱਖ-ਵੱਖ ਧਰਮਾਂ, ਫਿਰਕਿਆਂ ਦੇ ਲੋਕਾਂ ਵਿੱਚ ਕੜਵਾਹਟ ਪੈਦਾ ਕਰਕੇ ਆਪਸ ਵਿੱਚ ਲੜਾ ਕੇ ਡਰ ਅਤੇ ਭੈਅ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਮਾਮਲਾ ਕਾਫ਼ੀ ਸੰਵੇਦਨਸ਼ੀਲ ਅਤੇ ਆਮ ਲੋਕਾਂ ਵਿੱਚ ਸਹਿਮ ਭੈਦਾ ਕਰਨ ਵਾਲਾ ਹੈ। ਜਿਸ ਕਰਕੇ ਮੁਕੱਦਮਾ ਉਕਤ ਬਰਖਿਲਾਫ਼ ਨਾਮਾਲੂਮ ਵਿਅਕਤੀ/ਵਿਅਕਤੀਆਂ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ।
ਐਸ.ਪੀ ਸੰਗਰੂਰ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਦੌਰਾਨੇ ਤਫ਼ਤੀਸ਼ ਮੁਕੱਦਮੇ ਨੂੰ ਟਰੇਸ ਕਰਨ ਲਈ ਉਨ੍ਹਾਂ ਦੀ ਨਿਗਰਾਨੀ ਹੇਠ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਦਿੜ੍ਹਬਾ ਪ੍ਰਿਥਵੀ ਸਿੰਘ ਚਹਿਲ, ਉਪ ਕਪਤਾਨ ਪੁਲਿਸ ਡਿਟੈਕਟਿਵ ਦਲਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਇੰਸਪੈਕਟਰ ਸੰਦੀਪ ਸਿੰਘ ਇੰਚਾਰਜ ਸੀ.ਆਈ.ਏ ਬਹਾਦਰ ਸਿੰਘ ਵਾਲਾ ਅਤੇ ਥਾਣੇਦਾਰ ਗੁਰਪਾਲ ਸਿੰਘ ਮੁੱਖ ਅਫ਼ਸਰ ਥਾਣਾ ਧਰਮਗੜ੍ਹ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਟੈਕਨੀਕਲ ਢੰਗ ਨਾਲ ਕਾਰਵਾਈ ਕਰਦੇ ਹੋਏ ਇਹ ਮੁਕੱਦਮਾ ਟਰੇਸ ਕਰਦੇ ਹੋਏ 6 ਕਥਿਤ ਦੋਸ਼ੀਆਂ ਜਗਰਾਜ ਸਿੰਘ ਉਰਫ ਸੋਨੀ ਵਾਸੀ ਬੀਰੋਕੇ ਕਲਾਂ, ਥਾਣਾ ਸਦਰ ਬੁਢਲਾਡਾ, ਜ਼ਿਲ੍ਹਾ ਮਾਨਸਾ, ਗੁਰਮੀਤ ਸਿੰਘ ਉਰਫ ਗਿੱਟੀ ਵਾਸੀ ਟਿੱਬਿਆਂ ਵਾਲੀ ਬਸਤੀ, ਬੀਰੋਕੇ ਕਲਾਂ ਜ਼ਿਲ੍ਹਾ ਮਾਨਸਾ, ਅੰਮ੍ਰਿਤਪਾਲ ਸਿੰਘ ਵਾਸੀ ਦੂਲੇਵਾਲ, ਥਾਣਾ ਫੂਲ ਜ਼ਿਲ੍ਹਾ ਬਠਿੰਡਾ, ਬਲਜਿੰਦਰ ਸਿੰਘ ਵਾਸੀ ਦੂਲੇਵਾਲ ਥਾਣਾ ਫੂਲ ਜ਼ਿਲ੍ਹਾ ਬਠਿੰਡਾ, ਬਲਜੀਤ ਸਿੰਘ ਉਰਫ਼ ਪ੍ਰਭੂ ਵਾਸੀ ਚਾਉਕੇ ਜ਼ਿਲ੍ਹਾ ਬਠਿੰਡਾ ਅਤੇ ਅਤਰਵੀਰ ਸਿੰਘ ਉਰਫ਼ ਅਤਰ ਵਾਸੀ ਚਾਉਕੇ ਜ਼ਿਲ੍ਹਾ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਥਿਤ ਦੋਸ਼ੀ ਗੁਰਪਤਵੰਤ ਸਿੰਘ ਪੰਨੂ ਦੀ ਗ੍ਰਿਫਤਾਰੀ ਬਾਕੀ ਹੈ।
ਐਸ.ਪੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਵਿਦੇਸ਼ ਵਿੱਚ ਬੈਠਾ ਗੁਰਪਤਵੰਤ ਸਿੰਘ ਪੰਨੂ ਜੋ ਪੰਜਾਬ ਦੇ ਭੋਲੇ ਭਾਲੇ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਅਜਿਹੇ ਗੈਰ ਕਾਨੂੰਨੀ ਕੰਮਾਂ ਵਿੱਚ ਪਾ ਰਿਹਾ ਹੈ। ਜਿਸ ਦਾ ਮੁੱਖ ਮੰਤਵ ਸਿਰਫ਼ ਭਾਰਤ ਦੇਸ਼ ਵਿੱਚ ਅਸ਼ਾਂਤੀ ਅਤੇ ਸਹਿਮ ਫੈਲਾਉਣਾ ਹੈ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਕਥਿਤ ਦੋਸ਼ੀਆਂ ਨੇ ਇਹ ਕੰਮ ਕਰਨ ਦੀ ਗਲਤੀ ਮੰਨੀ ਹੈ ਕਿ ਉਨ੍ਹਾਂ ਨੇ ਇਹ ਕੰਮ ਸਿਰਫ਼ ਪੈਸੇ ਦੇ ਲਾਲਚ ਕਰਕੇ ਕੀਤਾ ਹੈ। ਜੋ ਗੁਰਪਤਵੰਤ ਸਿੰਘ ਪੰਨੂ ਖੁਦ ਵਿਦੇਸ਼ ਵਿੱਚ ਲੁਕ ਕੇ ਬੈਠਾ ਹੈ, ਪ੍ਰੰਤੂ ਪੰਜਾਬ ਦੇ ਨੌਜਵਾਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਜੁਰਮ ਦੀ ਦਲਦਲ ਵਿੱਚ ਸੁੱਟ ਰਿਹਾ ਹੈ ਅਤੇ ਉਨ੍ਹਾਂ ਦਾ ਭਵਿੱਖ ਖਰਾਬ ਕਰ ਰਿਹਾ ਹੈ।
ਐਸ.ਪੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਗ੍ਰਿਫਤਾਰ ਜਗਰਾਜ ਸਿੰਘ ਉਰਫ ਸੋਨੀ ਵਾਸੀ ਬੀਰੋਕੇ ਕਲਾਂ, ਥਾਣਾ ਸਦਰ ਬੁਢਲਾਡਾ, ਜ਼ਿਲ੍ਹਾ ਮਾਨਸਾ, ਅੰਮ੍ਰਿਤਪਾਲ ਸਿੰਘ ਵਾਸੀ ਦੂਲੇਵਾਲ, ਥਾਣਾ ਫੂਲ ਜ਼ਿਲ੍ਹਾ ਬਠਿੰਡਾ ਅਤੇ ਬਲਜੀਤ ਸਿੰਘ ਵਾਸੀ ਚਾਉਕੇ ਜ਼ਿਲ੍ਹਾ ਬਠਿੰਡਾ ਵਿਰੁੱਧ ਪਹਿਲਾਂ ਵੀ ਪੁਲਿਸ ਕੇਸ ਦਰਜ ਹਨ।