Photo of author

By Gurmail Singh

3 March 2025, Time: 11:45 PM

ਲਹਿਰਾ ਦੇ ਪਿੰਡ ਰਾਏਧਰਾਣਾ ਵਿਖੇ ਇੱਕ ਨਸ਼ਾ ਤਸਕਰ ਦੀ ਪ੍ਰੋਪਰਟੀ ਤੇ ਬੈਂਕ ਖਾਤੇ ਸੰਗਰੂਰ ਪੁਲਿਸ ਨੇ ਕੰਪੀਟੈਂਟ ਅਥਾਰਟੀ ਦੇ ਹੁਕਮਾਂ ‘ਤੇ ਕੀਤੇ ਫਰੀਜ, ਐਸ.ਪੀ ਨਵਰੀਤ ਸਿੰਘ ਵਿਰਕ ਦੀ ਮੌਜੂਦਗੀ ਵਿੱਚ ਪੁਲਿਸ ਨੇ ਘਰ ਦੇ ਗੇਟ ਅੱਗੇ ਚਿਪਕਾਇਆ ਫਰੀਜਿੰਗ ਆਰਡਰ, ਫਰਵਰੀ 2025 ਦੌਰਾਨ ਸੰਗਰੂਰ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ 27 ਕੇਸ ਕੀਤੇ ਦਰਜ।

FB IMG 1741023367691

ਲਹਿਰਾ/ਸੰਗਰੂਰ, 3 ਮਾਰਚ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਸੰਗਰੂਰ ਵਿੱਚ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ *ਯੁੱਧ ਨਸ਼ਿਆਂ ਵਿਰੁੱਧ* ਮੁਹਿੰਮ ਤਹਿਤ ਸੰਗਰੂਰ ਪੁਲਿਸ ਲਗਾਤਾਰ ਸਰਗਰਮ ਹੈ। ਸੰਗਰੂਰ ਪੁਲਿਸ ਵੱਲੋਂ ਜਿੱਥੇ ਇਸ ਮੁਹਿੰਮ ਤਹਿਤ ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਜਾ ਰਿਹਾ ਹੈ। ਉੱਥੇ ਨਾਲ ਹੀ ਨਸ਼ਿਆਂ ਦੇ ਕਾਲੇ ਕਾਰੋਬਾਰ ਰਾਹੀਂ ਬਣਾਈ ਗਈ ਪ੍ਰੋਪਰਟੀ ਨੂੰ ਫਰੀਜ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਅੱਜ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਦੀਆਂ ਹਦਾਇਤਾਂ ਤੇ ਅਮਲ ਕਰਦਿਆਂ ਐਸ.ਪੀ ਨਵਰੀਤ ਸਿੰਘ ਵਿਰਕ ਦੀ ਅਗਵਾਈ ਅਤੇ ਡੀ.ਐਸ.ਪੀ ਦੀਪਇੰਦਰਪਾਲ ਸਿੰਘ ਜੇਜੀ ਅਤੇ ਐਸ.ਐਚ.ਓ ਰਣਬੀਰ ਸਿੰਘ ਦੀ ਮੌਜੂਦਗੀ ਵਿੱਚ ਲਹਿਰਾ ਪੁਲਿਸ ਸਟੇਸ਼ਨ ਦੀ ਟੀਮ ਵੱਲੋਂ ਪਿੰਡ ਰਾਏਧਰਾਣਾ ਦੇ ਇੱਕ ਨਸ਼ਾ ਤਸਕਰ ਗੁਰਜੀਤ ਸਿੰਘ ਉਰਫ ਭੂਰਾ ਫੌਜੀ ਦੇ ਘਰ ਦੇ ਗੇਟ ਅੱਗੇ ਪ੍ਰੋਪਰਟੀ ਨੂੰ ਫਰੀਜ ਕਰਨ ਦਾ ਆਰਡਰ ਚਿਪਕਾਇਆ ਗਿਆ।

ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਪੀ (ਪੀ.ਬੀ.ਆਈ) ਨਵਰੀਤ ਸਿੰਘ ਵਿਰਕ ਨੇ ਦੱਸਿਆ ਕਿ ਪਿੰਡ ਰਾਏਧਰਾਣਾ ਦਾ ਮੌਜੂਦਾ ਸਰਪੰਚ ਗੁਰਜੀਤ ਸਿੰਘ ਉਰਫ ਭੂਰਾ ਫੌਜੀ ਐਨ.ਡੀ.ਪੀ.ਐਸ ਐਕਟ ਦੇ ਮਾਮਲਿਆਂ ਤਹਿਤ ਜੇਲ ਵਿੱਚ ਬੰਦ ਹੈ ਅਤੇ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਪ੍ਰਾਪਤ ਆਰਡਰਾਂ ਦੀ ਕਾਪੀ ਗੇਟ ਨੇੜੇ ਚਿਪਕਾਉਂਦੇ ਹੋਏ, ਪ੍ਰੋਪਰਟੀ ਨੂੰ ਫਰੀਜ ਕਰਨ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਜਿਸ ਤਹਿਤ ਉਸ ਦੀ 27 ਕਨਾਲ ਪ੍ਰੋਪਰਟੀ, ਉਸਦੇ ਅਤੇ ਪਰਿਵਾਰਿਕ ਮੈਂਬਰਾਂ ਦੇ ਬੈਂਕ ਖਾਤੇ ਤੇ ਟਰੈਕਟਰ ਫਰੀਜ ਕਰ ਦਿੱਤੇ ਗਏ ਹਨ।

FB IMG 1741023373185

ਉਹਨਾਂ ਕਿਹਾ ਕਿ ਇਹ ਆਰਡਰ ਡਾਕ ਰਾਹੀਂ ਵੀ ਇਨ੍ਹਾਂ ਨੂੰ ਡਲੀਵਰ ਹੋ ਚੁੱਕੇ ਹਨ। ਐਸ.ਪੀ ਨਵਰੀਤ ਸਿੰਘ ਵਿਰਕ ਨੇ ਦੱਸਿਆ ਕਿ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਪਿਛਲੇ ਸਾਲ ਨਸ਼ਾ ਤਸਕਰਾਂ ਦੀ ਪ੍ਰੋਪਰਟੀ ਫਰੀਜ ਕਰਨ ਦੀ ਸਿਫਾਰਿਸ਼ ਸਮੇਤ 12 ਕੇਸ ਭੇਜੇ ਗਏ ਸਨ। ਜਿਸ ਵਿੱਚੋਂ 9 ਦੀ ਪ੍ਰੋਪਰਟੀ ਫਰੀਜ ਕਰਨ ਦੇ ਆਰਡਰ ਪ੍ਰਾਪਤ ਹੋ ਚੁੱਕੇ ਹਨ। ਉਹਨਾਂ ਦੱਸਿਆ ਕਿ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਸੰਗਰੂਰ ਪੁਲਿਸ ਵੱਲੋਂ ਫਰਵਰੀ 2025 ਵਿੱਚ 27 ਕੇਸ ਦਰਜ ਕੀਤੇ ਗਏ ਹਨ। ਜਿਨਾਂ ਵਿੱਚੋਂ 16 ਕੇਸ ਅਜਿਹੇ ਹਨ, ਜੋ ਕਿ *ਯੁੱਧ ਨਸ਼ਿਆਂ ਵਿਰੁੱਧ* ਮੁਹਿੰਮ ਤਹਿਤ 23 ਫਰਵਰੀ ਤੋਂ ਲੈ ਕੇ ਹੁਣ ਤੱਕ ਦਰਜ ਹੋਏ ਹਨ। ਉਹਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਤਸਕਰੀ ਦੇ ਕਾਲੇ ਕਾਰੋਬਾਰ ਨੂੰ ਕਰਦਾ ਹੋਇਆ ਪਾਇਆ ਜਾਂਦਾ ਹੈ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ।

Leave a Comment