ਪਿੱਛਲੇ ਦੋ ਦਿਨਾਂ ਤੋਂ ਪਹਾੜੀ ਇਲਾਕੇ ਵਿੱਚ ਹੋ ਰਹੀ ਭਾਰੀ ਵਰਖਾ ਨੇ ਹਿਮਾਚਲ ਦੇ ਕੁੱਲੂ ਖੇਤਰ ਵਿੱਚ ਪੈਦਾ ਕੀਤੀ ਹੜ੍ਹ ਵਰਗੀ ਸਥਿਤੀ।
ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਅੱਜ ਸਵੇਰੇ ਕੁੱਲੂ ਦੇ ਅਖਾੜਾ ਬਾਜ਼ਾਰ ਵਿੱਚ ਭਾਰੀ ਮੀਂਹ ਤੋਂ ਬਾਅਦ ਪਾਣੀ ਲੋਕਾਂ ਦੇ ਘਰਾਂ ਅਤੇ ਹੋਟਲਾਂ ਵਿੱਚ ਵੜ ਗਿਆ।

ਡਰੇਨ ਵਿੱਚ ਹੜ੍ਹ ਆਉਣ ਕਾਰਨ ਕਈ ਵਾਹਨ ਮਲਬੇ ਹੇਠ ਦੱਬ ਗਏ। ਸੂਬੇ ‘ਚ ਕਈ ਥਾਵਾਂ ‘ਤੇ ਸੜਕਾਂ ‘ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ ‘ਤੇ ਅੱਜ ਸਵੇਰੇ ਇਕ ਨਿੱਜੀ ਬੱਸ ਲੈਂਡਸਲਾਈਡ ਦੀ ਲਪੇਟ ਵਿਚ ਆ ਗਈ। ਪਹਾੜੀ ਤੋਂ ਹੇਠਾਂ ਡਿੱਗਣ ਤੋਂ ਬਾਅਦ ਬੱਸ ਪਲਟ ਗਈ ਅਤੇ ਸੜਕ ਕਿਨਾਰੇ ਦੀ ਕੰਧ ਨਾਲ ਟਕਰਾ ਕੇ ਰੁਕ ਗਈ। ਡਰਾਈਵਰ ਤੇ ਕੰਡਕਟਰ ਸਮੇਤ ਚਾਰ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦਾ ਨਾਗਵਾਈ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

ਜਾਣਕਾਰੀ ਅਨੁਸਾਰ ਮਨਾਲੀ ਤੋਂ ਪਠਾਨਕੋਟ ਜਾ ਰਹੀ ਪ੍ਰਾਈਵੇਟ ਬੱਸ ਜਦੋਂ ਸ਼ੁੱਕਰਵਾਰ ਸਵੇਰੇ 6.50 ਵਜੇ ਬਨਾਲਾ ਨੇੜੇ ਪਹੁੰਚੀ ਤਾਂ ਪਹਾੜੀ ਤੋਂ ਅਚਾਨਕ ਜ਼ਮੀਨ ਖਿਸਕ ਗਈ। ਡਰਾਈਵਰ ਜਸਵੰਤ ਸਿੰਘ, ਕੰਡਕਟਰ ਅੰਕੁਸ਼ ਅਤੇ ਦੋ ਹੋਰ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜੇਕਰ ਬੱਸ ਕੰਧ ਤੋੜ ਕੇ ਡਿੱਗ ਜਾਂਦੀ ਤਾਂ ਇੱਥੇ ਵੱਡਾ ਹਾਦਸਾ ਵਾਪਰ ਸਕਦਾ ਸੀ।ਪਹਾੜੀ ਤੋਂ ਵੱਡੀ ਮਾਤਰਾ ਵਿੱਚ ਮਲਬਾ ਹੇਠਾਂ ਆਉਣ ਕਾਰਨ ਬੱਸ ਸੜਕ ਕਿਨਾਰੇ ਪਲਟ ਗਈ।

ਖੁਸ਼ਕਿਸਮਤੀ ਇਹ ਰਹੀ ਕਿ ਬੱਸ ਹੇਠਾਂ ਖੱਡ ਵਿੱਚ ਨਹੀਂ ਡਿੱਗੀ। ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ ਆਵਾਜਾਈ ਲਈ ਬੰਦ ਰਿਹਾ। ਐਸਪੀ ਸਾਕਸ਼ੀ ਵਰਮਾ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਵਾਪਰਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਰਕਾਰ ਨੇ ਭਾਰੀ ਮੀਂਹ ਦੀ ਚੇਤਾਵਨੀ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।ਦੱਸ ਦੇਈਏ ਕਿ ਪਿਛਲੇ ਤਿੰਨ ਦਿਨਾਂ ਤੋਂ ਸੂਬੇ ਵਿੱਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ ਪਰ ਬੀਤੀ ਰਾਤ ਤੋਂ ਸੂਬੇ ਦੇ ਜ਼ਿਆਦਾਤਰ ਇਲਾਕਿਆਂ ‘ਚ ਭਾਰੀ ਮੀਂਹ ਜਾਰੀ ਹੈ। ਇਸ ਕਾਰਨ ਕਈ ਡਰੇਨਾਂ ਵਿਚ ਉਛਾਲ ਹੈ। ਜ਼ਮੀਨ ਖਿਸਕਣ ਕਾਰਨ ਸੜਕਾਂ ਬੰਦ ਹੋ ਗਈਆਂ ਹਨ।
ਪੰਜਾਬ ਚ ਵੀ ਕਈ ਥਾਵਾਂ ਤੇ ਭਾਰੀ ਮੀਂਹ ਅਤੇ ਗੜੇਮਾਰੀ ਦੀਆਂ ਰਿਪੋਰਟਾਂ ਦਰਜ ਕੀਤੀਆਂ ਗਈਆਂ ਹਨ।